ਸਾਹਿਤ ਅਤੇ ਸੰਗੀਤ ਮਨੁੱਖ ਦੀ ਰੂਹ ਦੀ ਖ਼ੁਰਾਕ ਹਨ।ਸੰਗੀਤ ਸੁਣ ਕੇ ਅਤੇ ਸਾਹਿਤ ਨੂੰ ਪੜ੍ਹ ਕੇ ਜਾਂ ਸਿਰਜ ਕੇ ਮਨੁੱਖ ਨੂੰ ਰੂਹਾਨੀ ਸੁਕੂਨ ਮਿਲਦਾ ਹੈ। ਆਪਣੀ ਜ਼ਿੰਦਗੀ ਵਿੱਚ ਹਰ ਇਨਸਾਨ ਇਹਨਾਂ ਵਿੱਚੋਂ ਇੱਕ ਨੂੰ ਜ਼ਰੂਰ ਚੁਣਦਾ ਹੈ। ਮੈਨੂੰ ਬਚਪਨ ਵਿੱਚ ਹੀ ਘਰ ਰਹਿੰਦਿਆਂ ਪਿਤਾ ਸ੍ਰ ਸੀਤਾ ਸਿੰਘ ਜੀ ਤੋਂ ਸਾਹਿਤ ਸਿਰਜਣਾ ਦੀ ਚੇਟਕ ਲੱਗ ਗਈ। ਸਕੂਲ ਅਤੇ ਕਾਲਜ ਦੀ ਪੜ੍ਹਾਈ ਕਰਦਿਆਂ ਸਾਹਿਤ ਰਚਣ ਦੀ ਇੱਛਾ ਹੋਰ ਵਧਦੀ ਗਈ। ਵਿਆਹ ਹੋ ਜਾਣ ਪਿੱਛੋਂ ਪਰਿਵਾਰਿਕ ਜੀਵਨ ਵਿੱਚ ਵਿਚਰਦਿਆਂ ਬਹੁਤ ਸਾਰੇ ਖੱਟੇ-ਮਿੱਠੇ ਤਜ਼ਰਬੇ ਹੋਏ ਜਿਹੜੇ ਮੇਰੇ ਅੰਦਰ ਪਲ਼ ਰਹੀ ਸ਼ਾਇਰਾ ਦੁਆਰਾ ਸਾਹਿਤ ਸਿਰਜਣਾ ਲਈ ਸਭ ਤੋਂ ਵੱਡਾ ਸੋਮਾ ਬਣੇ। ਸਮਾਜ ਵਿੱਚ ਵਿਚਰਦਿਆਂ ਅਤੇ ਆਪਣੇ ਆਲੇ-ਦੁਆਲੇ ਹੋ ਰਹੀਆਂ ਚੰਗੀਆਂ-ਮੰਦੀਆਂ ਘਟਨਾਵਾਂ ਅਤੇ ਬੇਇਨਸਾਫ਼ੀਆਂ ਨੇ ਮੇਰੇ ਅੰਦਰ ਸਾਹਿਤ ਸਿਰਜਣ ਦੀ ਚਿਣਗ ਨੂੰ ਇੱਕ ਲੋਅ ਵਿੱਚ ਬਦਲ ਦਿੱਤਾ ਜਿਸ ਨਾਲ ਮੇਰੇ ਸਾਹਿਤਕ ਸਫ਼ਰ ਨੂੰ ਹੋਰ ਰਫ਼ਤਾਰ ਅਤੇ ਉਤਸ਼ਾਹ ਮਿਲਿਆ। ਸੋਸ਼ਲ ਮੀਡੀਆ ਤੇ ਆਪਣੀਆਂ ਲਿਖਤਾਂ ਨੂੰ ਸਾਂਝਾ ਕਰਕੇ ਬਹੁਤ ਵਧੀਆ ਦੋਸਤਾਂ ਅਤੇ ਭੈਣ ਭਰਾਵਾਂ ਨੇ ਸ਼ਾਇਰੀ ਦੇ ਬਹੁਤ ਸਾਰੇ ਗੁਰ ਦੱਸੇ। ਬਹੁਤ ਉਤਸ਼ਾਹ ਮਿਲਿਆ ਅਤੇ ਸਾਹਿਤ ਸਿਰਜਣਾ ਮੇਰਾ ਜਨੂੰਨ ਬਣ ਗਿਆ। ਸਮਾਜ ਦੇ ਵੱਖ-ਵੱਖ ਪਹਿਲੂਆਂ ‘ਤੇ ਸ਼ਾਇਰੀ ਲਿਖਣਾ ਮੇਰੀ ਰੋਜ਼ਮਰਾ ਜ਼ਿੰਦਗੀ ਦੀ ਰੁਟੀਨ ਬਣ ਗਈ। ਫੇਸਬੁਕ ਦੇ ਬਹੁਤ ਸਾਰੇ ਸਾਹਿਤਕ ਗਰੁੱਪਾਂ ਵਿੱਚ ਖ਼ਾਸ ਵਿਸ਼ਿਆਂ ‘ਤੇ ਰਚਨਾਵਾਂ ਲਿਖਣ ਨਾਲ ਮੇਰੀ ਲੇਖਣੀ ਵਿੱਚ ਬਹੁਤ ਸੁਧਾਰ ਆਇਆ ਅਤੇ ਇਸ ਦੌਰਾਨ ਮੈਂ ਸਾਹਿਤ ਰਚਨਾ ਦੇ ਬਹੁਤ ਸਾਰੇ ਵੱਲ ਸਿੱਖੇ। ਇਸ ਸਾਹਿਤਕ ਸਫ਼ਰ ਦੌਰਾਨ ਮੈਨੂੰ ਮਾਣਯੋਗ ਪ੍ਰਿੰਸੀਪਲ ਪ੍ਰਕਾਸ਼ ਕੌਰ ਜੀ, ਸੁਰਜੀਤ ਫਲੇੜਾ ਜੀ, ਰਤਨਪਾਲ ਡੂਡੀਆਂ ਜੀ, ਬਿਮਲਾ ਰਾਣੀ ਜੀ, ਸ਼ਿੰਦਾ ਬਾਈ ਜੀ, ਸੁਰਿੰਦਰ ਪਾਲ ਸਿੰਘ ਘਣੀਆ ਜੀ, ਅਮਰਜੀਤ ਸਿੰਘ ਜੀਤ ਜੀ, ਮਨਜੀਤ ਸਿੰਘ ਜੀ ਮਰਜਾਣਾ ਸ਼ਾਇਰ,ਐਡਵੋਕੇਟ ਰਮਨਦੀਪ ਸਿੰਘ ਜੀ ਅਤੇ ਪ੍ਰੋ ਪਵਨ ਕੁਮਾਰ ਖਿੱਚੀ ਜੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।ਧਰਮਿੰਦਰ ਸਾਥੀ ਜੀ ਅਤੇ ਛੋਟੇ ਵੀਰ ਗਾਇਕ ਮੰਗਤ ਖ਼ਾਨ ਨੇ ਮੈਨੂੰ ਕਿਤਾਬ ਛਪਵਾਉਣ ਲਈ ਬਹੁਤ ਹੱਲਾਸ਼ੇਰੀ ਅਤੇ ਸਹਿਯੋਗ ਦਿੱਤਾ। ਸੱਚਮੁੱਚ ਮੇਰੇ ਸ਼ਾਇਰੀ ਲਿਖਣ ਤੋਂ ਕਿਤਾਬ ਛਪਣ ਤੱਕ ਦਾ ਸਫ਼ਰ ਮੈਨੂੰ ਕਿਸੇ ਸੁਨਹਿਰੀ ਸੁਪਨੇ ਵਰਗਾ ਲੱਗਦਾ ਏ। ਮੇਰੀ ਜ਼ਿੰਦਗੀ ਦਾ ਇਹ ਬਹੁਤ ਹੀ ਮਹੱਤਵਪੂਰਨ, ਸੁਖਮਈ ਅਤੇ ਯਾਦਗਾਰੀ ਵਕਤ ਹੈ ਜਿਸ ਨਾਲ਼ ਪਰਮਾਤਮਾ ਦੀ ਮੇਰੇ ਉੱਤੇ ਅਪਾਰ ਕਿਰਪਾ ਮਹਿਸੂਸ ਕਰ ਰਹੀ ਹਾਂ।
ਮੈਂ ਹਰਫ਼ਾਂ ਦੀ ਡਾਰ, ਮਾਝਾ ਮਾਲਵਾ ਦੁਆਬਾ ਸਾਹਿਤਕ ਮੰਚ ਦੇ ਐਡਮਿਨ ਸ਼ਾਇਰ ਗੋਲਡੀ ਗੁਸਤਾਖ਼ ਜੀ ਅਤੇ ਸਮੁੱਚੀ ਟੀਮ ਦੀ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਇਸ ਕਾਵਿ-ਸੰਗ੍ਰਹਿ ਨੂੰ ਲੋਕ ਅਰਪਣ ਕਰਨ ਲਈ ਬਹੁਤ ਸ਼ਿੱਦਤ ਅਤੇ ਮਿਹਨਤ ਨਾਲ ਸਾਰੇ ਪ੍ਰਬੰਧ ਕੀਤੇ ਹਨ ।ਮੈਂ ਆਪਣੇ ਵੱਡੇ ਜੀਜਾ ਜੀ ਸ੍ਰ ਰਘਬੀਰ ਸਿੰਘ ਜੀ ਦਾ ਅਹਿਸਾਨ ਵੀ ਕਦੇ ਨਹੀਂ ਭੁਲਾ ਸਕਦੀ ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਵਿੱਚ ਬਹੁਤ ਹੌਸਲਾ ਅਤੇ ਸਹਿਯੋਗ ਦਿੱਤਾ। ਮੈਂ ਆਪਣੇ ਹਮਸਫ਼ਰ ਸ੍ਰ ਬਿੱਕਰ ਸਿੰਘ ਜੀ ਦਾ ਜ਼ਿਕਰ ਕਰਦੇ ਹੋਏ ਮਾਣ ਮਹਿਸੂਸ ਕਰਦੀ ਹਾਂ ਜਿਨ੍ਹਾਂ ਦੇ ਸਹਿਯੋਗ ਬਿਨਾਂ ਮੇਰੇ ਲਈ ਕੁੱਝ ਵੀ ਸੰਭਵ ਨਹੀਂ ਸੀ। ਉਹ ਹਰ ਮੋੜ ਤੇ ਮੇਰੇ ਨਾਲ ਖੜੇ ਹਨ। ਇਸ ਤੋਂ ਇਲਾਵਾ ਮੈਂ ਆਪਣੇ ਸਮੁੱਚੇ ਪਰਿਵਾਰ ਭੈਣ-ਭਰਾਵਾਂ ਦੀ ਵੀ ਬਹੁਤ ਰਿਣੀ ਹਾਂ ਜਿਨ੍ਹਾਂ ਵੱਲੋਂ ਮਿਲੇ ਹੌਸਲੇ ਅਤੇ ਸਹਿਯੋਗ ਕਾਰਨ ਮੈਂ ਇਸ ਕਿਤਾਬ ਦੀ ਸਿਰਜਣਾ ਕਰ ਸਕੀ। ਮਾਣਯੋਗ ਵੀਰ ਜਸਵਿੰਦਰ ਪੰਜਾਬੀ ਜੀ (ਜੇ ਪੀ ਪਬਲੀਕੇਸ਼ਨਜ਼,ਪਟਿਆਲਾ) ਦਾ ਜਿਨ੍ਹਾਂ ਨੇ ਮੇਰੀ ਇਸ ਪਲੇਠੀ ਕਿਰਤ ਨੂੰ ਐਨਾ ਖ਼ੂਬਸੂਰਤ ਰੂਪ ਦਿੱਤਾ ਹੈ।
ਅੰਤ ਵਿੱਚ ਮੈਂ ਆਪਣੇ ਸਾਰੇ ਪਾਠਕਾਂ ਅਤੇ ਸਾਹਿਤਕ ਦੋਸਤਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਪਿਆਰ-ਸਤਿਕਾਰ ਅਤੇ ਹੌਸਲਾ ਬਖ਼ਸ਼ਿਆ ਹੈ। ਹਥਲੀ ਪੁਸਤਕ ਵਿੱਚ ਰਹਿ ਗਈਆਂ ਕਮੀਆਂ ਦੱਸਣ ਲਈ ਜਾਂ ਨਵੇਂ ਸੁਝਾਵਾਂ ਲਈ ਆਪ ਸਭ ਦਾ ਦਿਲੋਂ ਸਵਾਗਤ ਕਰਦੀ ਹਾਂ। ਭਵਿੱਖ ਵਿੱਚ ਹੋਰ ਵੱਧ ਜ਼ਿੰਮੇਵਾਰੀ, ਮਿਹਨਤ ਅਤੇ ਲਗਨ ਨਾਲ ਸਾਹਿਤ ਸਿਰਜਣ ਲਈ ਬਚਨਵੱਧ ਹਾਂ। ਆਪ ਸਭ ਵੱਲੋਂ ਇਸ ਪੁਸਤਕ ਲਈ ਭਰਪੂਰ ਹੁੰਗਾਰੇ ਦੀ ਆਸ ਕਰਦੀ ਹਾਂ!
ਸਤਿਕਾਰ ਸਹਿਤ,
ਗੁਰਪ੍ਰੀਤ ਕੌਰ ਪ੍ਰੀਤ




